Ravikant Anmol Punjabi Poetry
पंजाबी ग़ज़ल
Ravikant Anmol Punjabi Poetry |
आज मेरी एक पुरानी पंजाबी ग़ज़ल
ਖਬਰੇ ਕਿੰਨੇ ਚੰਨ ਤੇ ਸੂਰਜ ਖਾ ਲਏ ਇਹਨਾ ਨਸ਼ਿਆਂ ਨੇ
ਉੱਡਦੇ ਪੰਛੀ ਅੰਬਰੋਂ ਹੇਠਾਂ ਲਾਹ ਲਏ ਇਹਨਾ ਨਸ਼ਿਆਂ ਨੇ
ਰੱਬ ਹੀ ਜਾਨੇ ਕੈਸੀ ਨੇਹ੍ਰੀ ਝੁੱਲੀ ਹੈ ਇਸ ਦੁਨੀਆ ਤੇ
ਸ਼ੇਰ ਬਹਾਦਰ ਕਿੰਨੇ ਮਾਰ ਮੁਕਾ ਲਏ ਇਹਨਾ ਨਸ਼ਿਆਂ ਨੇ
ਮਾਪਿਆਂ ਕੋਲੋਂ ਪੁੱਤ ਖੋਹ ਲੀਤੇ ਭੈਣਾ ਕੋਲੋਂ ਵੀਰ ਗਏ
ਬੱਚਿਆਂ ਕੋਲੋਂ ਬਾਪ ਦੇ ਹੱਥ ਛੁਡਾ ਲਏ ਇਹਨਾ ਨਸ਼ਿਆਂ ਨੇ
ਕਿੰਨੀਆਂ ਨਾਰਾਂ ਡੀਕਦੀਆਂ ਨੇ ਬੈਠੀਆਂ ਸਿਰ ਦੇ ਸਾਈਂ ਨੂੰ
ਕਿੰਨੇ ਮਾਹੀਂ ਅਪਣੀ ਰਾਹ ਚਲਾ ਲਏ ਇਹਨਾ ਨਸ਼ਿਆਂ ਨੇ
ਖਾਧ ਖੁਰਾਕਾਂ ਖਾ ਕੇ ਜੋ ‘ਅਨਮੋਲ’ ਬਨਾਉਂਦੇ ਸਨ ਜੁੱਸੇ
ਕਿੰਨੇ ਗਭਰੂ ਟਾਹਣਾਂ ਵਰਗੇ ਢਾਹ ਲਏ ਇਹਨਾ ਨਸ਼ਿਆਂ ਨੇ
ਰਵੀ ਕਾਂਤ ਅਨਮੋਲ
_____________________
मूल पंजाबी कविता
ਪੱਥਰ
ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਓਹ ਬਦਨਸੀਬ ਹੁੰਦੇ ਹਨ
ਜਿਹਨਾਂ ਨੂੰ ਰੱਬ ਨੇ ਠੋਕਰਾਂ ਖਾਣ ਲਈ ਬਨਾਇਆ ਹੈ|
ਕਦੇ ਹਵਾ ਕਦੇ ਪਾਣੀ ਤੇ ਕਦੇ ਆਪਣੇ ਹੀ ਸਾਥੀਆਂ ਦੀਆਂ
ਠੋਕਰਾਂ ਖਾਂਦੇ, ਵਿਚਾਰੇ ਸਾਰੀ ਉਮਰ ਭਟਕਦੇ ਫ਼ਿਰਦੇ ਨੇ
ਤੇ ਆਖ਼ਰ ਉਮਰ ਭੋਗ ਕੇ ਰੇਤ ਹੋ ਜਾਂਦੇ ਨੇ
ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਸਜ਼ਾ ਭੋਗਣ ਆਈਆਂ ਰੂਹਾਂ ਹੁੰਦੇ ਨੇ
ਜਿਨ੍ਹਾਂ ਲਈ ਰੱਬ ਨੇ ਹਰ ਤਸੀਹੇ ਦਾ ਇੱਤਜ਼ਾਮ ਕੀਤਾ ਹੈ|
ਧੁੱਪ, ਹਨੇਰੀ, ਬਾਰਸ਼, ਹੜ੍ਹ ਠੋਕਰਾਂ ਤੇ ਲਾਹਨਤਾਂ
ਸਾਰਾ ਕੁਝ ਇਨ੍ਹਾਂ ਲਈ ਹੀ ਹੁੰਦਾ ਹੈ|
ਸਭ ਕੁਝ ਝੱਲਦੇ-ਝੱਲਦੇ ਵਿਚਾਰੇ ਪੱਥਰ
ਆਪਣਾ ਪੱਥਰਪੁਣਾ ਵੀ ਆਖਰ ਨੂੰ ਗਵਾ ਬਹਿੰਦੇ ਨੇ|
ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਟੁੱਟੀਆਂ ਭੱਜੀਆਂ ਚੱਟਾਨਾਂ ਹੁੰਦੇ ਨੇ|
ਜਿਹੜੇ ਕਦੇ ਹਵਾ ਤੇ ਕਦੇ ਪਾਣੀ ਦੇ ਰੋੜ੍ਹ ‘ਚ ਆ ਕੇ
ਆਪਸ ‘ਚ ਟਕਰਾ ਟਕਰਾ ਕੇ ਚੂਰੋ-ਚੂਰ ਹੋਈ ਜਾਂਦੇ ਨੇ|
ਕੋਈ ਬਾਹਰੀ ਤਾਕਤ ਇਹਨਾਂ ਨੂੰ ਘੱਟ ਹੀ ਤੋੜਦੀ ਹੈ|
ਇਹ ਆਪਸ ‘ਚ ਹੀ ਇੱਕ ਦੂਸਰੇ ਨੂੰ ਭੰਨ ਤੋੜ ਕੇ
ਰੇਤ ਕਰੀ ਜਾਂਦੇ ਨੇ|
ਪੱਥਰ, ਪੱਥਰ ਨਹੀਂ ਹੁੰਦੇ
ਇਹ ਤਾਂ ਮੇਰੇ ਦੇਸ਼ ਦੇ ਸ਼ੋਸ਼ਤ ਸ਼ਾਸਿਤ ਲੋਕ ਹੁੰਦੇ ਨੇ
ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਜਦ ਪੱਥਰ ਜੁੜ ਕੇ ਬਹਿੰਦੇ ਨੇ
ਤਾਂ ਚੱਟਾਨ ਅਖਵਾਉਂਦੇ ਨੇ|
ਤੇ ਕੋਈ ਨ੍ਹੇਰੀ, ਕੋਈ ਝੱਖੜ, ਕੋਈ ਬਾਰਸ਼ ਜਾਂ ਹੜ੍ਹ
ਚੱਟਾਨ ਦਾ ਕੁਝ ਨਹੀਂ ਵਿਗਾੜ ਸਕਦਾ|
ਪੱਥਰ ਜਦ ਇੱਕ ਦੂਸਰੇ ਦੀ ਹਿਫ਼ਾਜ਼ਰ ‘ਚ ਖੜੇ ਹੁੰਦੇ ਨੇ
ਤਾਂ ਵਕਤ ਦੀ ਚਾਲ ਮੱਠੀ ਪੈ ਜਾਂਦੀ ਹੈ|
ਪੱਥਰ- ਵਿਚਾਰੇ ਅਣਜਾਣ ਪੱਥਰ
ਸਿਰਫ਼ ਇਹੋ ਜਾਣਦੇ ਨੇ
ਕਿ ਪਾਣੀ ਜਾਂ ਹਵਾ ਦੇ ਬਹਿਕਾਵੇ ‘ਚ ਆ ਕੇ
ਆਪਸ ‘ਚ ਟਕਰਾਉਣਾ ਹੈ
ਮੂਰਤੀਆਂ ਬਣ ਆਸਨ ਤੇ ਬੈਠੇ
ਆਪਣੇ ਹੀ ਸਾਥੀਆਂ ਤੋਂ ਧੋਖਾ ਖਾਣਾ ਹੈ
ਤੇ ਆਖਰ ਆਪਸ ‘ਚ ਹੀ ਟਕਰਾ ਕੇ ਰੇਤ ਹੋ ਜਾਣਾ ਹੈ|
ਪੱਥਰ- ਸ਼ਾਇਦ ਪੱਥਰ ਹੀ ਹੁੰਦੇ ਨੇ
ਝੱਲੇ ਪੱਥਰ|